ਕੋਰੋਨਵਾਇਰਸ - ਮਹਾਂਮਾਰੀ ਜਾਂ ਪ੍ਰਮਾਤਮਾ ਦਾ ਇੱਕ ਸਪੱਸ਼ਟ ਸੰਦੇਸ਼ ??
ਸੰਖੇਪ ਵਿੱਚ : ਇਸ ਲੇਖ ਵਿੱਚ ਅਸੀਂ ਗੱਲ ਕਰਾਂਗੇ:
* ਵਿਸ਼ਵ ਅਤੇ ਕੋਰੋਨਾਵਾਇਰਸ ।
* ਦੁਨੀਆ ਦੇ 196 ਦੇਸ਼ਾਂ ਵਿਚ ਕੋਰੋਨਾਵਾਇਰਸ ਮਹਾਂਮਾਰੀ ਦਾ ਪ੍ਰਭਾਵ ।
* ਕੋਰੋਨਾਵਾਇਰਸ ਜਾਂ ਕੋਵੀਡ 19 ਨੂੰ ਰੋਕਣ ਲਈ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਕਿਸਮਾਂ ਦੇ ਲਾਕਡਾਊਨ ।
* ਕੋਰੋਨਾਵਾਇਰਸ ਅਤੇ ਭਾਰਤ ।
* ਲਾਕਡਾਊਨ ਦੌਰਾਨ ਪ੍ਰਕ੍ਰਿਤੀ ਮਾਂ ਦਾ ਕਾਇਆਕਲਪ ।
* ਕੁਆਰੰਟੀਨ ਜਾਂ ਇਕਾਂਤਵਾਸ - ਕੋਰੋਨਾਵਾਇਰਸ ਦਾ ਇਕਲੌਤਾ ਇਲਾਜ ।
* ਕੋਰੋਨਵਾਇਰਸ ਮਹਾਂਮਾਰੀ ਤੋਂ ਮਨੁੱਖ ਨੂੰ ਕੀ ਸਬਕ ਲੈਣਾ ਚਾਹੀਦਾ ਹੈ?
* ਕੋਰੋਨਾਵਾਇਰਸ ਮਹਾਂਮਾਰੀ ਉੱਤੇ ਇੱਕ ਲਘੂ ਐਨੀਮੇਟਡ ਫਿਲਮ ।
ਵਿਸਤਾਰ ਨਾਲ :
ਜਰਾ ਵਿਚਾਰ ਕਰੋ - ਮਨੁੱਖ, ਜੀਵਾਂ ਦੀਆਂ ਸਾਰੀਆਂ ਪ੍ਰਜਾਤੀਆਂ ਵਿਚੋਂ ਸਰਵਸ਼੍ਰੇਸ਼ਠ , ਅਸਮਾਨ ਵਿੱਚ ਉਡਾਣਾਂ ਭਰਨ ਵਾਲਾ , ਧਰਤੀ ਦੇ ਸਾਰੇ ਜੀਵਾਂ 'ਤੇ ਸਾਸ਼ਨ ਕਰਨ ਵਾਲਾ, ਅੰਤਰਿਕਸ਼ ਦੀਆਂ ਹੱਦਾਂ ਨੂੰ ਪਾਰ ਕਰਨ ਵਾਲਾ, ਇਸ ਸੰਸਾਰ ਦਾ ਬੇਤਾਜ ਬਾਦਸ਼ਾਹ; ਅਚਾਨਕ ਰੁਕ ਗਿਆ ਅਤੇ ਆਪਣੇ ਘਰ ਵਿਚ ਹੀ ਬੰਦੀ ਦੀ ਤਰਾਂ ਬੰਧ ਗਿਆ । ਕੋਈ ਡਰ, ਕੋਈ ਬਿਮਾਰੀ, ਕੋਈ ਰਾਜਨੀਤਿਕ ਜਾਂ ਅਸਲੇ ਦੀ ਤਾਕਤ ਉਸ ਨੂੰ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਰੋਕਣ ਵਿਚ ਸਫਲ ਨਹੀਂ ਹੋ ਸਕੀ ਸੀ । ਕੀ ਇਹ ਇੱਕ ਸੂਖਮ ਜੀਵਾਣੂ ਦੀ ਸ਼ਕਤੀ ਹੈ ਜਾਂ ਇਸ ਤੋਂ ਪਰੇ ਕੋਈ ਹੋਰ ਕਾਰਨ ਹੈ? ਬਹੁਤ ਦੇਰ ਹੋਣ ਤੋਂ ਪਹਿਲਾਂ ਸਾਨੂ ਇਸ ਨੂੰ ਠੀਕ-ਠੀਕ ਸਮਝਣ ਦੀ ਜ਼ਰੂਰਤ ਹੈ।
ਮਨੁੱਖ ਕਦੇ ਵੀ, ਕਿਸੇ ਵੀ ਸਥਿਤੀ ਵਿੱਚ, ਇੰਨਾ ਤਰਸਯੋਗ ਅਤੇ ਬੇਬਸ ਨਹੀਂ ਹੋਇਆ । ਕੋਰੋਨਾ ਮਹਾਂਮਾਰੀ ਨੇ ਮਨੁੱਖ ਨੂੰ ਇੰਨਾ ਲਾਚਾਰ ਬਣਾ ਕੇ ਰੱਖ ਦਿੱਤਾ, ਜਿੰਨਾ ਉਹ ਪਹਿਲਾਂ ਕਦੇ ਨਹੀਂ ਸੀ ਹੋਇਆ । ਮਨੁੱਖ ਨੇ ਲਗਭਗ ਸਾਰੀਆਂ ਕਿਸਮਾਂ ਦੀਆਂ ਬਿਮਾਰੀਆਂ ਦਾ ਇਲਾਜ ਲੱਭਿਆ ਹੈ ਭਾਵੇਂ ਉਹ ਕੈਂਸਰ ਹੋਵੇ , ਸ਼ੂਗਰ, ਜਾਂ ਕਿਸੇ ਵੀ ਤਰਾਂ ਦੇ ਗੰਭੀਰ ਬੁਖ਼ਾਰ, ਸਾਹ ਸੰਬੰਧੀ ਵਿਕਾਰ, ਇਹਨਾਂ ਵਿੱਚੋ ਕੋਈ ਵੀ ਮਨੁੱਖ ਸਾਹਮਣੇ ਮਹਾਂਮਾਰੀ ਨਹੀਂ ਬਣ ਸਕਿਆ । ਪਰ ਜਦੋਂ ਕੁਰੋਨਿਵਾਇਰਸ ਆਪਦਾ ਆਈ ਤਾਂ ਉਸਦੇ ਸਾਮਣੇ ਮਨੁੱਖ ਜਾਤ ਗੋਡਿਆਂ ਭਾਰ ਆ ਗਈ ।
ਸੰਘਣੀ ਆਬਾਦੀ ਵਾਲੇ ਚੀਨ ਦੇਸ਼ ਤੋਂ ਸ਼ੁਰੂ ਹੁੰਦਿਆਂ , ਕੋਰੋਨਾਵਾਇਰਸ ਨੇ ਵਿਸ਼ਵ ਦੇ ਇਕ ਵੀ ਰਾਸ਼ਟਰ ਨੂੰ ਨਹੀਂ ਬਖਸ਼ਿਆ । ਭਾਵੇਂ ਉਹ ਸੰਯੁਕਤ ਰਾਸ਼ਟਰ ਅਮਰੀਕਾ ਹੋਵੇ, ਜਿਸ ਵਿੱਚ ਹੁਣ ਤੱਕ 20 ਲੱਖ ਤੋਂ ਵੱਧ ਸਕਾਰਾਤਮਕ ਕੇਸ ਹਨ ਜਾਂ ਉਹ ਪਾਪੁਆ ਨਿਊ ਗਿੰਨੀਆ ਹੋਵੇ , ਜਿਸ ਵਿੱਚ 10 ਤੋਂ ਵੀ ਘੱਟ ਕੇਸ ਹਨ; ਕੋਰੋਨਾਵਾਇਰਸ ਨੇ ਦੁਨੀਆ ਭਰ ਦੇ ਸਾਰੇ ਦੇਸ਼ਾ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ । ਕੋਰੋਨਵਾਇਰਸ 'ਤੇ ਕੋਈ ਦਵਾਈ, ਕੋਈ ਟੀਕਾ ਅਤੇ ਨਾਂ ਹੀ ਕਿਸੇ ਕਿਸਮ ਦਾ ਡਾਕਟਰੀ ਇਲਾਜ ਕੰਮ ਕਰਦਾ ਹੈ । ਆਓ ਦੁਨੀਆਂ ਦੇ ਮੌਜੂਦਾ ਹਾਲਾਤਾਂ ਦਾ ਵਿਸ਼ਲੇਸ਼ਣ ਕਰਕੇ ਕੋਰੋਨਾ ਪਹੇਲੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ ।
ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਨੇ ਕੋਰੋਨਾਵਾਇਰਸ ਨੂੰ ਇਕ ਵਿਸ਼ਵਵਿਆਪੀ ਮਹਾਂਮਾਰੀ ਘੋਸ਼ਿਤ ਕੀਤਾ ਹੈ । ਕੋਰੋਨਾ ਮਹਾਂਮਾਰੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਠੱਲ ਪਾਉਣ ਲਈ ਇਕੋ ਇਕ ਹੱਲ , ਜੋ ਵਿਸ਼ਵ ਭਰ ਦੇ ਦੇਸ਼ਾਂ ਨੂੰ ਮਿਲਿਆ ਉਹ ਹੈ ਸੋਸ਼ਲ ਡਿਸਸਟੈਂਸਿੰਗ ਜਾਂ ਸਾਮਾਜਿਕ ਦੂਰੀ । ਇਸ ਲਈ, ਕੋਰੋਨਾਵਾਇਰਸ ਨਾਲ ਨਜਿੱਠਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਦਾ ਹੀ ਉਪਰਾਲਾ ਕਰ ਰਹੇ ਹਨ । ਲਾਕਡਾਊਨ ਭਾਵੇਂ ਕੁਝ ਅੰਸ਼ ਵਿੱਚ ਹੋਵੇ ਭਾਵੇਂ ਪੂਰੀ ਤੌਰ 'ਤੇ, ਪਰ ਦੁਨੀਆ ਦੇ ਜਿਆਦਾਤਰ ਦੇਸ਼ ( ਸਵੈ-ਇੱਛਾ ਨਾਲ ਜਾਂ ਅਣਚਾਹੇ ਵੀ) ਇਸ ਨੂੰ ਲਾਗੂ ਕਰ ਰਹੇ ਹਨ । ਲਾਕਡਾਊਨ ਦਾ ਅਰਥ ਹੈ ਕੁਝ ਬਹੁਤ ਲੋੜੀਂਦੀਆਂ ਸੇਵਾਵਾਂ ਜਿਵੇਂ ਕਿ ਡਾਕਟਰੀ ਸੇਵਾਵਾਂ, ਕਰਿਆਨੇ, ਦੁੱਧ ਅਤੇ ਸਬਜ਼ੀ ਆਦਿ ਨੂੰ ਛੱਡ ਕੇ ਬਾਕੀ ਸਾਰੀਆਂ ਵਪਾਰਕ ਗਤੀਵਿਧੀਆਂ ਜਿਵੇਂ ਕਿ ਆਵਾਜਾਈ, ਰੈਸਟੋਰੈਂਟ, ਸ਼ਾਪਿੰਗ ਮਾਲਾਂ ਜਾਂ ਦੁਕਾਨਾਂ, ਸਿੱਖਿਆ ਦੇ ਅਦਾਰੇ ਅਤੇ ਹੋਰ ਛੋਟੇ-ਵੱਡੇ ਕਾਰੋਬਾਰ ਆਦਿ ਨੂੰ ਅਣਮਿਥੇ ਸਮੇਂ ਲਈ ਬੰਦ ਕਰਨਾ । ਕੁਝ ਦੇਸ਼ਾਂ ਵਿਚ ਹਫ਼ਤੇ ਦੇ ਵੱਖ-ਵੱਖ ਦਿਨਾਂ ਦੇ ਅਨੁਸਾਰ ਲਾਕਡਾਊਨ ਨਿਸਚਿਤ ਕੀਤੇ ਗਏ ਹਨ ਅਤੇ ਕਿਤੇ-ਕਿਤੇ ਹਫ਼ਤੇ ਵਿਚ 3 ਦਿਨ ਮਰਦਾਂ ਨੂੰ ਬਾਹਰ ਆਉਣ ਲਈ ਅਤੇ 2 ਦਿਨ ਔਰਤਾਂ ਨੂੰ ਘਰਾਂ ਤੋਂ ਬਾਹਰ ਆਉਣ ਲਈ ਛੋਟ ਹੈ । ਕੁਲ ਮਿਲਾ ਕੇ ਇਸ ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਪੂਰੀ ਦੁਨੀਆ ਵਿੱਚ ਇਹ ਲਾਕਡਾਊਨ ਲਗਾਏ ਜਾ ਰਹੇ ਹਨ ।
ਭਾਰਤ ਵਿੱਚ ਪੰਜਵੇ ਪੜਾਅ ਦਾ ਲਾਕਡਾਊਨ ਚਲ ਰਿਹਾ ਹੈ, ਜਿਸ ਵਿੱਚ ਵਪਾਰਕ ਖੇਤਰ , ਆਵਾਜਾਈ , ਦੁਕਾਨਾਂ ਆਦਿ ਨੂੰ ਹੋਲੀ-ਹੋਲੀ ਛੋਟ ਦਿੱਤੀ ਜਾ ਰਹੀ ਹੈ ।
ਪ੍ਰਕ੍ਰਿਤੀ ਮਾਂ ਨੇ ਪ੍ਰਦੂਸ਼ਣ ਜਿਵੇਂ ਕਿ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ, ਧ੍ਵਨਿ ਪ੍ਰਦੂਸ਼ਣ ਅਤੇ ਕੂੜੇ ਦੇ ਵਿਸ਼ਾਲਕ਼ਾਯ ਢੇਰਾਂ ਆਦਿ ਦੇ ਰੂਪ ਵਿਚ ਅਥਾਹ ਦਰਦ ਸਹਿਆ ਹੈ । ਹੁਣ ਵੱਖ-ਵੱਖ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਜਿਵੇਂ ਕਿ ਹਵਾਈ , ਸੜਕ ਜਾਂ ਜਲ ਆਵਾਜਾਈ , ਐਗਰੋ-ਕੈਮੀਕਲਜ਼ ਅਤੇ ਸ਼ਰਾਬ ਇੰਡਸਟਰੀਆਂ , ਸੀਮੈਂਟ ਅਤੇ ਹੋਰ ਸੰਬੰਧਿਤ ਫੈਕਟਰੀਆਂ ਆਦਿ 'ਤੇ ਰੋਕ ਹੈ, ਜਿਸ ਕਾਰਨ ਧਰਤੀ ਮਾਤਾ ਦਾ ਬਹੁਤ ਸ਼ਾਨਦਾਰ ਢੰਗ ਨਾਲ ਕਾਇਆਕਲਪ ਹੋ ਰਿਹਾ ਹੈ । ਅਸੀਮਿਤ ਤਬਾਹੀ ਦੇ ਕਈ ਦਹਾਕਿਆਂ ਮਗਰੋਂ ਹੁਣ ਕੁਦਰਤ ਮੁੜ ਨਵੇਕਲੀ ਹੋ ਰਹੀ ਹੈ ਅਤੇ ਹੁਣ ਪੰਛੀਆਂ ਅਤੇ ਰੁੱਖਾਂ ਦੇ ਰੂਪ ਵਿੱਚ ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕਰ ਰਹੀ ਹੈ ।
ਇਸੇ ਹੀ ਗੱਲ ਨੂੰ ਪੁਸ਼ਟੀ ਦਿੰਦੀ ਇੱਥੇ ਇੱਕ ਛੋਟੀ ਜਿਹੀ ਵੀਡੀਓ ਹੈ, ਜੋ ਕਿ ਭਾਰਤ ਦੇ ਚੰਡੀਗੜ੍ਹ (ਯੂ.ਟੀ) ਖੇਤਰ ਦੇ ਆਸ ਪਾਸ, ਲਾਕਡਾਊਨ ਦੌਰਾਨ ਹਜ਼ਾਰਾਂ ਪੰਛੀਆਂ ਨੂੰ ਗਾਉਂਦੇ ਅਤੇ ਖੇਡਦੇ ਹੋਏ ਦਰਸਾ ਰਹੀ ਹੈ ।
ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਦੀ ਮੀਡੀਆ ਵੋਲੂਮ ਫੁੱਲ 'ਤੇ ਹੈ ਅਤੇ ਫਿਰ ਵੀਡੀਓ ਨੂੰ ਚਲਾਉਣ ਲਈ ਦੋ ਵਾਰ ਉਸ ਉੱਪਰ ਕਲਿੱਕ ਕਰੋ ।
ਜਿਵੇਂ ਕਿ ਦੁਨੀਆ ਭਰ ਦੇ ਦੇਸ਼ਾਂ ਨੇ ਲਾਕਡਾਉਨ ਲਗਾਏ ਹਨ , ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਪਾਬੰਦ ਹਨ । ਇੱਕੀਵੀਂ ਸਦੀ ਦੇ ਇਸ ਯੁੱਗ ਵਿਚ, ਜਿੱਥੇ ਹਰ ਕੋਈ ਆਪਣੀ ਜ਼ਿੰਦਗੀ ਵਿਚ ਇੰਨਾ ਰੁੱਝਿਆ ਹੋਇਆ ਹੈ ਕਿ ਕਿਸੇ ਦੇ ਕੋਲ ਪਰਿਵਾਰ ਨਾਲ ਬਿਤਾਉਣ ਲਈ ਥੋੜਾ ਵੀ ਖਾਲੀ ਸਮਾਂ ਨਹੀਂ ਰਿਹਾ ਹੈ, ਲਾੱਕਡਾਉਨ ਨੇ ਹਰੇਕ ਇਨਸਾਨ ਨੂੰ ਪਰਿਵਾਰ ਨਾਲ ਰਹਿਣ ਅਤੇ ਉਨ੍ਹਾਂ ਨਾਲ ਗੂੜੇ-ਮਿੱਠੇ ਸੰਬੰਧ ਕਾਇਮ ਕਰਨ ਲਈ ਬਹੁਤ ਸਾਰਾ ਸਮਾਂ ਦਿੱਤਾ ਹੈ । ਜਿਵੇਂ ਕਿ ਭਾਰਤ ਵਿੱਚ ਲਾੱਕਡਾਉਨ ਆਪਸੀ ਗਲਤਫਹਿਮੀਆਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਤ ਹੋ ਰਹੇ ਹਨ, ਜੋ ਕਿ ਕੰਮ ਅਤੇ ਬਾਹਰ ਦੇ ਤਨਾਅ ਭਰੇ ਮਾਹੌਲ ਕਾਰਨ ਪੈਦਾ ਹੋਏ ਸਨ । ਜਿਸ ਕਾਰਨ ਘਰਾਂ ਅਤੇ ਪਰਿਵਾਰਾਂ ਵਿੱਚ ਖ਼ੁਸ਼ੀ ਭਰਿਆ ਮਾਹੌਲ ਹੈ ਅੱਤੇ ਸਾਰਿਆਂ ਵਿੱਚ ਇੱਕਠੇ ਰੱਲ ਕੇ ਰਹਿਣ ਦੀ ਭਾਵਨਾ ਹੈ ।
ਕੀ ਅਸੀਂ ਇਨਸਾਨ ਇੱਕ ਕੰਮ ਕਰਨ ਵਾਲੀ ਮਸ਼ੀਨ ਬਣ ਚੁੱਕੇ ਹਾਂ ? ਸੁਆਰਥੀ - ਜੀਵ ਜੋ ਕਿ ਸਾਥੀ ਜੀਵ-ਜੰਤੂਆਂ ਦੀ ਬਿਲਕੁੱਲ ਪਰਵਾਹ ਨਹੀਂ ਕਰਦਾ, ਆਪਣੇ ਸੁੱਖ ਲਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਅਤੇ ਪ੍ਰਤਾੜਿਤ ਕਰਦਾ ਹੈ ? ਆਪਣੀ ਹੀ ਦੌੜ ਵਿੱਚ ਅੰਨ੍ਹਾ ਹੋਇਆ ਆਪਣੇ ਜੀਵਨ ਦੇ ਮੂਲ ਯਾਨੀ ਕਿ ਕੁਦਰਤ ਨੂੰ ਹੀ ਦਿਨੋ ਦਿਨ ਤਬਾਹ ਕਰ ਰਿਹਾ ਹੈ ?
ਕੁਝ ਦੇਰ ਲਈ ਵਿਚਾਰ ਕਰੋ ਕਿ ਸੰਭਵ ਤੌਰ 'ਤੇ ਕਿਤੇ ਇਸੇ ਲਈ ਹੀ ਕੁਦਰਤ ਮਾਤਾ ਜਾਂ ਪ੍ਰਮਾਤਮਾ ਨੇ ਸਾਨੂੰ ਕੋਰੋਨਵਾਇਰਸ ਦੇ ਰੂਪ ਵਿੱਚ ਕੋਈ ਸੁਨੇਹਾ ਤਾਂ ਨਹੀਂ ਭੇਜਿਆ ਹੈ ? ਕਿਤੇ ਪ੍ਰਮਾਤਮਾ ਸਾਡੇ ਤੋਂ ਇਹ ਤਾਂ ਨਹੀਂ ਚਾਹੁੰਦਾ ਹੈ ਕਿ ਅਸੀਂ ਉਸ ਉੱਤੇ ਵਿਸ਼ਵਾਸ ਰੱਖੀਏ । ਆਪਣੀਆਂ ਮੁਢਲੀਆਂ ਜਰੂਰਤਾਂ ਜਿਵੇਂ ਭੋਜਨ, ਕੱਪੜਾ , ਮਕਾਨ ਆਦਿ ਨੂੰ ਪੂਰਾ ਕਰਨ ਦੇ ਨਾਮ 'ਤੇ ਅੰਨ੍ਹੇਵਾਹ ਉਸਦੀ ਸੁੰਦਰ ਦੁਨੀਆਂ ਨੂੰ ਨਾ ਵਿਗਾੜੀਏ ? ਜਿਵੇਂ ਕਿ ਇਕ ਮਸ਼ਹੂਰ ਕਥਨ ਹੈ, ਜਿਸ ਅਨੁਸਾਰ “ ਕੁਦਰਤ ਹਰ ਕਿਸੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਮਰੱਥ ਹੈ ,ਪਰ ਹਰ ਕਿਸੇ ਦੇ ਲੋਭ ਨੂੰ ਪੂਰਾ ਕਰਨ ਲਈ ਨਹੀਂ। " ਸੰਭਾਵਤ ਤੌਰ 'ਤੇ ਪ੍ਰਮਾਤਮਾ ਚਾਹੁੰਦਾ ਹੈ ਕਿ ਅਸੀਂ ਆਪਣੇ ਪਰਿਵਾਰ ਨਾਲ ਬਹੁਤ ਸੁੰਦਰ ਸਮਾਂ ਬਤੀਤ ਕਰੀਏ, ਜੋ ਕਿਤੇ ਨਾ ਕਿਤੇ ਸਾਡੀ ਦੌੜ ਵਿੱਚ ਨਸ਼ਟ ਹੋ ਰਿਹਾ ਸੀ ਅਤੇ ਇਸ ਦੇ ਨਾਲ ਹੀ ਕੁਦਰਤ ਨੂੰ ਵੀ ਮੁੜ ਸਵੱਸਥ ਹੋਣ ਲਈ ਸਮਾਂ ਮਿਲ ਸਕੇ ।
ਸਮਾਜਿਕ ਦੂਰੀਆਂ ਦੇ ਬਾਵਜੂਦ ਪਰਿਵਾਰਾਂ ਦੇ ਰਿਸ਼ਤੇ ਇਸ ਲਾੱਕਡਾਉਨ ਦੌਰਾਨ ਮਜ਼ਬੂਤ ਅਤੇ ਮਿੱਠੇ ਹੁੰਦੇ ਜਾ ਰਹੇ ਹਨ ਅਤੇ ਕੁਦਰਤ ਬੜੀ ਤੇਜ਼ੀ ਅਤੇ ਪੂਰੇ ਸਰੂਰ ਨਾਲ ਮੁੜ ਖਿੜ ਰਹੀ ਹੈ ।
ਅੱਗੇ ਵੱਧਦੇ ਹੋਏ, ਜੇ ਅਸੀਂ ਕੋਰੋਨਾਵਾਇਰਸ ਦੇ ਇਲਾਜ਼ ਬਾਰੇ ਗੱਲ ਕਰੀਏ ਤਾਂ ਕੋਈ ਵੀ ਦਵਾਈ ਇਸ ਦਾ ਇਲਾਜ ਨਹੀਂ ਕਰ ਸਕਦੀ। ਹੈਰਾਨੀ ਦੀ ਗੱਲ ਹੈ ਕਿ ਇਸ ਜਾਨਲੇਵਾ ਵਾਇਰਸ ਦਾ ਇਕੋ ਇਕ ਇਲਾਜ਼ ਹੈ ਮਰੀਜ਼ ਨੂੰ ਕੁਝ ਸਮੇਂ ਲਈ ਕੁਆਰੰਟੀਨ ਜਾਂ ਏਕਾਂਤ ਵਿੱਚ ਰੱਖਣਾ । ਸਾਡੇ ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਕੁਦਰਤੀ ਤੌਰ 'ਤੇ ਇਸ ਨੂੰ ਥੋੜੇ ਸਮੇਂ ਵਿੱਚ ਠੀਕ ਕਰ ਦਿੰਦੀ ਹੈ । ਕੀ ਇੱਥੇ ਸਾਨੂੰ ਕੁੱਝ ਸਮਝਣ ਦੀ ਜ਼ਰੂਰਤ ਹੈ ? ਮੈਂ ਅੱਗੇ ਜੋ ਗੱਲ ਕਰਨ ਜਾ ਰਿਹਾ ਹਾਂ, ਇਸ ਮਾਡਰਨ ਦੁਨੀਆਂ ਵਿਚ ਇਹ ਅਜੀਬ, ਪੁਰਾਣੀ ਜਾਂ ਵਹਿਮਾਂ-ਭਰਮਾਂ ਦੀ ਗੱਲ ਜਾਪਦੀ ਹੈ, ਪਰ ਜੇਕਰ ਪ੍ਰਮਾਤਮਾ ਦੀ ਵੀ ਇਹੋ ਰਜ਼ਾ ਹੋਵੇ ਤਾਂ ?
ਜੇਕਰ ਅਸੀਂ ਗੌਰ ਨਾਲ ਵੇਖੀਏ ਤਾਂ, ਸਾਰੇ ਸੰਤ-ਮਹਾਪੁਰੁਸ਼ , ਪੀਰ-ਪੈਗੰਬਰ , ਰਿਸ਼ੀ-ਮੁਨੀ , ਗੁਰੂ ਜਿਵੇਂ ਕਿ ਸੰਤ ਰਾਮਕ੍ਰਿਸ਼ਨ ਪਰਮਹੰਸ, ਗੁਰੂ ਨਾਨਕ ਦੇਵ , ਮਹਾਨ ਫ਼ਾਰਸੀ ਕਵੀ ਮਨਸੂਰ, ਯੂਨਾਨ ਦੇ ਫ਼ਿਲਾਸਫ਼ਰ ਸੁਕਰਾਤ, ਸੂਫੀ ਕਵੀ ਬਾਬਾ ਫਰੀਦ ਜਾਂ ਯਿਸੂ ਮਸੀਹ ਆਦਿ ਸਾਰਿਆਂ ਨੇ ਆਪਣੇ ਆਪ ਨੂੰ ਸਮਾਜਿਕ ਸੰਬੰਧਾਂ ਤੋਂ ਦੂਰ ਰੱਖ ਕੇ ਹੀ ਅਸਲ ਗਿਆਨ ਪ੍ਰਾਪਤ ਕੀਤਾ ਸੀ। ਇਹ ਸਾਰੇ ਮਹਾਪੁਰੁਸ਼ ਥੋੜੇ ਸਮੇਂ ਲਈ ਜਾਂ ਲੰਬੇ ਸਮੇਂ ਲਈ ਏਕਾਂਤ ਵਿੱਚ ਰਹੇ ਅਤੇ ਉਨ੍ਹਾਂ ਨੇ ਇਹ ਪੂਰੀ ਦੁਨੀਆਂ ਦੇ ਇਕਲੌਤੇ ਕਾਰਨ ਉਸ ਪਰਮਪਿਤਾ ਪ੍ਰਮਾਤਮਾ ਨੂੰ ਜਾਣਨ ਲਈ ਕੀਤਾ । ਉਨ੍ਹਾਂ ਨੇ ਇਹ ਜਾਣਨ ਲਈ ਕਿ ਪ੍ਰਮਾਤਮਾ ਕੌਣ ਹੈ ਅਤੇ ਅਸੀਂ ਕੌਣ ਹਾਂ , ਆਪਣੇ ਆਪ ਨੂੰ ਏਕਾਂਤ ਵਿੱਚ ਰੱਖਿਆ ।
ਕੀ ਹੁਣ ਵੀ ਪ੍ਰਮਾਤਮਾ ਸਾਨੂੰ ਕੋਰੋਨਾ ਦੇ ਨਾਮ ਤੇ ਸੁਨੇਹਾ ਤਾਂ ਨਹੀਂ ਭੇਜ ਰਿਹਾ ਕਿ ਸਾਨੂੰ ਆਪਣਾ ਕੁਝ ਸਮਾਂ ਆਪਣੇ ਆਪ ਨੂੰ ਦੇਣਾ ਚਾਹੀਦਾ ਹੈ ਅਤੇ ਪੜਚੋਲ ਕਰਨੀ ਚਾਹੀਦੀ ਹੈ ਕਿ ਇਹ ਮਹਾਪੁਰੁਸ਼ ਸਾਰੀ ਮਨੁੱਖਤਾ ਨੂੰ ਕੀ ਕਹਿ ਰਹੇ ਹਨ ? ਉਹ ਚਾਹੁੰਦਾ ਹੋਵੇ ਕਿ ਸਾਨੂੰ ਆਪਣੇ ਅਸਲ ਰੂਪ ਨੂੰ ਪਛਾਨਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਹੀ ਉਸਨੂੰ ਵੀ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਉਹ ਚਾਹੁੰਦਾ ਹੋਵੇ ਕਿ ਅਸੀਂ ਦੁਨੀਆਂ ਦੀਆਂ ਬੇਅੰਤ ਇੱਛਾਵਾਂ ਅਤੇ ਚਿੰਤਾਵਾਂ ਤੋਂ ਛੁਟਕਾਰਾ ਪਾ ਸਕੀਏ ਅਤੇ ਆਂਤਰਿਕ ਸ਼ਾਂਤੀ ਦਾ ਅਨੰਦ ਪ੍ਰਾਪਤ ਕਰ ਸਕੀਏ । ਉਹ ਚਾਹੁੰਦਾ ਹੋਵੇ ਕਿ ਅਸੀਂ ਜਨਮ ਮਰਨ ਦੇ ਚੱਕਰਾਂ ਤੋਂ ਛੁਟਕਾਰਾ ਪਾ ਸਕੀਏ ਜੋ ਕੇਵਲ ਏਕਾਂਤ ਵਿੱਚ ਰਹਿ ਕੇ ਆਪਣੇ ਅੰਦਰ ਦੀ ਖੋਜ ਤੋਂ ਬਾਅਦ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ । ਸਾਨੂੰ ਸਾਰਿਆਂ ਨੂੰ ਇੱਥੇ ਰੁਕ ਕੇ ਇਸ ਬਾਰੇ ਕੁਝ ਦੇਰ ਲਈ ਵਿਚਾਰ ਕਰਨ ਦੀ ਲੋੜ ਹੈ । ਮੇਰਾ ਮੰਨਣਾ ਹੈ ਕਿ ਇਕ ਛੋਟੇ ਜਿਹੇ ਸੂਖਮ-ਜੀਵ ਵਿੱਚ ਇੰਨੀ ਤਾਕਤ ਨਹੀਂ ਹੋ ਸਕਦੀ , ਪਰਦੇ ਪਿੱਛੇ ਕੁਝ ਹੋਰ ਵੀ ਛਿਪਿਆ ਹੋਇਆ ਜਰੂਰ ਹੈ।
ਮੈਂ ਇੱਥੇ ਸਿਰਫ ਆਪਣੀ ਰਾਏ ਪੇਸ਼ ਕੀਤੀ ਹੈ, ਹਰ ਕਿਸੇ ਕੋਲ ਸਥਿਤੀ ਦਾ ਮੁਲਾਂਕਣ ਕਰਨ ਅਤੇ ਸੰਭਾਵਨਾਵਾਂ ਤੋਂ ਸਿੱਟਾ ਕੱਢਣ ਦਾ ਵਿਵੇਕ ਹੈ । ਇਸਦੇ ਨਾਲ ਹੀ , ਮੈਂ ਆਪਣੇ ਇਸ ਲੇਖ ਨੂੰ ਇੱਥੇ ਖਤਮ ਕਰਦਾ ਹਾਂ , ਸੁਝਾਵਾਂ ਦਾ ਤਹਿ ਦਿਲੋ ਸਵਾਗਤ ਹੈ ।
ਆਓ ਹੁਣ 'ਕਰੋਨਾਵਾਇਰਸ' 'ਤੇ ਇਕ ਲਘੂ ਐਨੀਮੇਟਿਡ ਫਿਲਮ ਵੇਖੀਏ । ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਦੀ ਮੀਡੀਆ ਵੋਲੂਮ ਫੁੱਲ 'ਤੇ ਹੈ ਅਤੇ ਫਿਰ ਵੀਡੀਓ ਨੂੰ ਚਲਾਉਣ ਲਈ ਦੋ ਵਾਰ ਉਸ ਉੱਪਰ ਕਲਿੱਕ ਕਰੋ ।
ਆਭਾਰ: Pixabay ,Bensound.com, Unsplash.
Nice article👌👍💐☺️
ReplyDeleteYour welcome
DeleteGood job!
ReplyDelete